ਅੱਖਾਂ ਤੇ ਦਿਨ ਧਰਦੇ ਮਰ ਗਏ ਪਰ ਨਹੀਂ ਅੱਖਾਂ ਖੁੱਲੀਆਂ

ਅੱਖਾਂ ਤੇ ਦਿਨ ਧਰਦੇ ਮਰ ਗਏ ਪਰ ਨਹੀਂ ਅੱਖਾਂ ਖੁੱਲੀਆਂ
ਏਥੇ ਲੋਕੀਂ ਮਰਦੇ ਮਰ ਗਏ ਪਰ ਨਹੀਂ ਅੱਖਾਂ ਖੁੱਲੀਆਂ

ਮੰਗਵੀਂ ਤੱਕਣੀ ਤੱਕਿਆ ਸਭ ਉਧਾਰੇ ਕਨੀਂ ਸੁਣਿਆ
ਸੀਤੀ ਜਭਿ ਨੂੰ ਜਰਦੇ ਮਰ ਗਏ ਪਰ ਨਹੀਂ ਅੱਖਾਂ ਖੁੱਲੀਆਂ

ਚੇਤ ਵਿਸਾਖੀਂ ਲਾਸੋ ਲਾਸੀਂ ਸਾਵਣ ਰੜਕੋ ਰੜਕੀਂ
ਪੋਹ ਤੇ ਮਾਘੀਂ ਠਰਦੇ ਮਰ ਗਏ ਪਰ ਨਹੀਂ ਅੱਖਾਂ ਖੁੱਲੀਆਂ

ਸਾਵਲ ਤੇ ਹਰਿਆਵਲ ਮੁਡੀਂ ਡੋਲ੍ਹ ਕੇ ਲਹੂ ਤੇ ਮੁੜ੍ਹਕਾ
ਨਾਗਾਂ ਦੇ ਢਿੱਡ ਭਰਦੇ ਮਰ ਗਏ ਪਰ ਨਹੀਂ ਅੱਖਾਂ ਖੁੱਲੀਆਂ

ਵਾਅ ਵੀ ਅੱਕ ਗਈ ਸੂਰਜ ਹਫ਼ਿਆ ਥੱਕ ਗਏ ਚੰਨ ਤੇ ਤਾਰੇ
ਬਦਲ ਵਰ੍ਹਦੇ ਵਰ੍ਹਦੇ ਮਰ ਗਏ ਪਰ ਨਹੀਂ ਅੱਖਾਂ ਖੁੱਲੀਆਂ

ਹਿਰਖ ਤੇ ਨਿਰਖ ਚਿ ਸਹਿਮ ਸਹਿਮ ਕੇ ਕਿੰਨੇ ਵਹਿਮ ਹੰਢਾਏ
ਕਿਥੋਂ ਕਿਥੋਂ ਡਰਦੇ ਮਰ ਗਏ ਪਰ ਨਹੀਂ ਅੱਖਾਂ ਖੁੱਲੀਆਂ

ਚਿਰ ਤੋਂ ਘੂਕੇਂ ਸੁੱਤਿਆਂ ਪਿੰਡ ਤੇ ਸ਼ਹਿਰਾਂ ਦੇ ਵਿਚ ਸੰਧੂ
ਜਾਗੋ ਜਾਗੋ ਕਰਦੇ ਮਰ ਗਏ ਪਰ ਨਹੀਂ ਅੱਖਾਂ ਖੁੱਲੀਆਂ